ਫਾਜ਼ਿਲਕਾ, 26 ਅਪ੍ਰੈਲ (ਵਿਜੇ ਕੁਮਾਰ)
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ `ਤੇ ਜ਼ਿਲ੍ਹਾ ਸਿਖਿਆ ਅਫਸਰ ਡਾ. ਤਿਰਲੋਚਨ ਸਿੰਘ ਸੰਧੂ, ਸੀ.ਡੀ.ਪੀ.ਓ ਸੰਜੂ ਝੋਰੜ ਅਤੇ ਜ਼ਿਲ੍ਹਾ ਨੋਡਲ ਅਫਸਰ ਵਿਜੈ ਪਾਲ ਦੁਆਰਾ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਨ.ਜੀ.ਓ ਡਿਗਨਿਟੀ ਤੋਂ ਮੈਡਮ ਭਾਗਨਾ ਸਾਹਨੀ ਨੈਸ਼ਨਲ ਅਵਾਰਡੀ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ `ਚੋਂ ਲੋਕਾਂ ਨੂੰ ਕੱਢਣ ਲਈ ਜਾਗਰੂਕਤਾ ਸੈਮੀਨਾਰ ਕਾਫੀ ਸਹਾਈ ਸਿੱਧ ਹੁੰਦੇ ਹਨ। ਸੈਮੀਨਾਰ ਰਾਹੀਂ ਲੋਕਾਂ ਅੰਦਰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਪੈਦਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਜਿਥੇ ਲੜਕੇ ਨਸ਼ੇ ਦੀ ਦਲਦਲ `ਚ ਫਸੇ ਹੋਏ ਹਨ ਉਥੇ ਦੇਖਣ ਵਿਚ ਆਉਂਦਾ ਹੈ ਕਿ ਲੜਕੀਆਂ ਵੀ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੀਆਂ ਹਨ ਜ਼ੋ ਕਿ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਨਸ਼ੇ ਜਿਹੀ ਕੁਰੀਤੀ ਤੋਂ ਸਾਨੂੰ ਸਭਨਾ ਨੂੰ ਦੂਰ ਰਹਿਣਾ ਚਾਹੀਦਾ ਹੈ, ਨਸ਼ਿਆਂ ਤੋਂ ਦੂਰ ਰਹਿ ਕੇ ਹੀ ਅਸੀਂ ਸਮਾਜ ਵਿਚ ਚੰਗੇ ਨਾਗਰਿਕ ਵਜੋਂ ਉਭਰ ਕੇ ਸਾਹਮਣੇ ਆ ਸਕਦੇ ਹਾਂ।
ਇਸ ਦੌਰਾਨ ਡਾ. ਵਿਜੈ ਗਰੋਵਰ ਪ੍ਰੋਫੈਸਰ ਡੀ.ਏ.ਵੀ. ਕਾਲਜ ਅਬੋਹਰ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਮਾਪਿਆਂ ਨੂੰ ਆਪਣੇ ਬਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਬਚੇ ਦੀ ਹਰ ਗਤੀਵਿਧੀ `ਤੇ ਨਜਰ ਰਖਣੀ ਚਾਹੀਦੀ ਹੈ ਕਿ ਉਸਦਾ ਬਚਾ ਕਿਹੜੀ ਸੰਗਤ ਵਿਚ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬਚਿਆਂ ਨਾਲ ਬੈਠ ਕੇ ਰੋਜ਼ਾਨਾ ਗਲਾਬਾਤਾਂ ਕਰਨੀਆਂ ਚਾਹੀਦੀਆਂ ਹਨ ਤਾਂ ਜ਼ੋ ਉਨ੍ਹਾਂ ਨੂੰ ਆਪਣੇ ਬਚੇ ਦੀਆਂ ਆਦਤਾਂ ਦਾ ਪਤਾ ਚਲਦਾ ਰਹੇ।
ਡਾ. ਮਹੇਸ਼ ਮਨੋਚਿਕਿਤਸਕ ਨੇ ਦੱਸਿਆ ਕਿ ਸਿਹਤ ਸਬੰਧੀ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਨੂੰ ਸਮਾਜ ਦੀ ਮੁਖ ਧਾਰਾ ਵਿਚ ਲਿਆਉਣ ਲਈ ਨੌਜਵਾਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਅਤੇ ਲੋੜੀਂਦਾ ਇਲਾਜ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਡਾ. ਤਿਰਲੋਚਨ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਅਜਿਹਾ ਨਸ਼ਾ ਮੁਕਤ ਸਮਾਜ ਸਿਰਜਣ ਦੀ ਜ਼ਰੂਰਤ ਹੈ ਜਿਸ ਦੇ ਮਦੇਨਜਰ ਸਾਨੂੰ ਸੈਮੀਨਾਰ ਕਰਵਾਉਣ ਦੀ ਜ਼ਰੂਰਤ ਨਾ ਪਵੇ।ਉਨ੍ਹਾਂ ਕਿਹਾ ਕਿ ਨਸ਼ੇ ਤੋਂ ਨਿਜਾਤ ਦਿਵਾਉਣ ਲਈ ਬਡੀ ਗਰੁੱਪ ਸਹਾਈ ਸਿੱਧ ਹੋ ਰਹੀ ਹੈ।ਦੇਸ ਰਾਜ ਪ੍ਰਧਾਨ ਐਡਵੋਕੇਟ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਨੇ ਨਸ਼ਿਆਂ ਖਿਲਾਫ ਜਾਣਕਾਰੀ ਦਿੱਤੀ।ਪਿੰਡ ਦੇ ਸਰਕਾਰੀ ਮਿਡਲ ਸਕੂਲ ਦੌਲਤਪੂਰਾ ਦੀ ਟੀਮ ਨੇ ਸ਼ਰਨਜੀਤ ਸਿੰਘ ਅਤੇ ਰੁਪਿੰਦਰ ਉਤਰੇਜਾ ਦੀ ਅਗਵਾਈ ਵਿਚ ਅਡਮਿਸ਼ਨ ਡਰਾਈਵ ਤਹਿਤ ਅਤੇ ਸੰਜੀਵ ਦੁਆਰਾ ਨਸ਼ਿਆਂ ਖਿਲਾਫ ਨਾਟਕ ਦਰਸ਼ਾਇਆ ਗਿਆ।ਇਸ ਮੌਕੇ ਗੁਰਛਿੰਦਰ ਪਾਲ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਕੁਲਬੀਰ ਸਿੰਘ ਸਿੱਧੂ, ਦਰਸ਼ਨ ਤਨੇਜਾ, ਮਹੇਸ਼ ਸ਼ੇਖਾਵਤ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸਜਨ ਮੌਜੂਦ ਸਨ।